Gurpreet Singh :
ਜੇ ਗੱਲ ਕਰੀਏ ਅੰਗਰੇਜ਼ਾਂ ਦੀ ਕਿ ਉਹਨਾਂ ਨੂੰ ਪੰਜਾਬ ਉੱਤੇ ਰਾਜ ਕਰਨ ਲਈ 99 ਸਾਲ ਦਾ ਸਮਾਂ ਕਿਉਂ ਲੱਗ ਗਿਆ, ਜਦਕਿ ਉਹਨਾਂ ਦਾ ਪੂਰੇ ਭਾਰਤ ਉੱਤੇ ਕਬਜ਼ਾ ਹੋ ਚੁੱਕਾ ਸੀ; ਤਾਂ ਇਸ ਦਾ ਮੁੱਖ ਕਾਰਨ ਗੁਰੂ ਗ੍ਰੰਥ ਸਾਹਿਬ ਦੀ ਅਗਵਾਈ, ਸਿੱਖਾਂ ਦੀ ਬਹਾਦਰੀ ਅਤੇ ਉਹਨਾਂ ਦਾ ਜਜ਼ਬਾ ਸੀ। ਇਸੇ ਤਰ੍ਹਾਂ ਹੀ ਜੇ ਭਾਰਤ ਦੀ ਆਜ਼ਾਦੀ ਵਿੱਚ ਸਿੱਖਾਂ ਦੇ ਰੋਲ ਦੀ ਗੱਲ ਕਰੀਏ ਤਾਂ ਉਹ ਬਹੁਤ ਅਹਿਮ ਹੈ। ਉਸ ਵਿੱਚ ਵੀ ਸਿੱਖਾਂ ਦੇ ਯੋਗਦਾਨ ਦਾ ਕਾਰਨ ਆਪਣੇ ਗੁਰੂ ਅਤੇ ਗੁਰੂ-ਆਸ਼ੇ ਪ੍ਰਤੀ ਉਹਨਾਂ ਦਾ ਜਜ਼ਬਾ ਅਤੇ ਸੇਵਾ-ਭਾਵਨਾ ਸੀ।
ਜਦੋਂ ਅੰਗਰੇਜ਼ਾਂ ਨੇ ਲਗਭਗ 140 ਸਾਲ ਤੱਕ ਇਹ ਸਭ ਕੁਝ ਦੇਖਿਆ, ਤਾਂ ਉਹ ਇਹ ਗੱਲ ਚੰਗੀ ਤਰ੍ਹਾਂ ਜਾਣ ਚੁੱਕੇ ਸਨ ਕਿ 1469 ਵਿੱਚ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਤੋਂ ਉਪਰੰਤ, ਜਦੋਂ ਗੁਰੂ ਸਾਹਿਬਾਨ ਸਰੀਰਕ ਜਾਮੇ ਵਿੱਚ ਮੌਜੂਦ ਸਨ, ਤਾਂ ਕਈ ਦੇਹਧਾਰੀ ਲੋਕ ਆਪਣੇ ਆਪ ਨੂੰ ਗੁਰੂ ਅਖਵਾਉਣ ਲੱਗ ਪਏ ਸਨ ਅਤੇ ਗੁਰੂ-ਘਰ ਦੇ ਵਿਰੋਧੀ ਬਣ ਗਏ ਸਨ। ਇਸੇ ਤਰਜ 'ਤੇ ਹੀ ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਜੀ—ਜਿਨ੍ਹਾਂ ਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਜੋਤੀ ਜੋਤਿ ਸਮਾਉਣ ਸਮੇਂ ਗੁਰਿਆਈ ਦਾ ਦਰਜਾ ਦਿੱਤਾ ਸੀ—ਦੇ ਵਿਰੁੱਧ ਚਾਲ ਚੱਲੀ। ਅੰਗਰੇਜ਼ਾਂ ਨੇ ਆਪਣੇ ਅਧਿਕਾਰੀਆਂ/ਵਿਦਵਾਨਾਂ ਦੀ ਇਹ ਡਿਊਟੀ ਲਗਾਈ ਕਿ ਗੁਰੂ ਸਾਹਿਬਾਨ ਦਾ ਪੂਰਾ ਇਤਿਹਾਸ, ਬਾਣੀ ਅਤੇ ਸਿੱਖ ਸਿਧਾਂਤਾਂ ਦੀ ਘੋਖ-ਪਰਖ ਕੀਤੀ ਜਾਵੇ ਅਤੇ ਇਹਨਾਂ ਸਭ ਗੱਲਾਂ ਨੂੰ ਦੇਖਦਿਆਂ ਉਹਨਾਂ ਨੇ 'ਦਸਮ ਗ੍ਰੰਥ' ਦੀ ਸਥਾਪਨਾ ਕਰਨ ਦੀ ਕੋਸ਼ਿਸ਼ ਕੀਤੀ।
ਮੇਰੇ ਪਿਤਾ ਜੀ ਕਿਹਾ ਕਰਦੇ ਸਨ ਕਿ ਇਹ ਸਾਡੀਆਂ ਅੱਖਾਂ ਦੇ ਸਾਹਮਣੇ ਹੀ ਹੋਇਆ ਹੈ ਕਿ ਜਿਸ ਦਾ ਨਾਮ ਪਹਿਲਾਂ 'ਬਚਿੱਤਰ ਨਾਟਕ' ਸੀ, ਬਾਅਦ ਵਿੱਚ ਉਸ ਦਾ ਨਾਮ 'ਦਸਮ ਗ੍ਰੰਥ' ਪੈ ਗਿਆ ਅਤੇ ਅੱਜ ਜੇ ਦੇਖੀਏ ਤਾਂ ਇਸ ਦੀ ਜਿਲਦ ਉੱਤੇ 'ਦਸਮ ਸ਼੍ਰੀ ਗੁਰੂ ਗ੍ਰੰਥ ਸਾਹਿਬ' ਲਿਖਿਆ ਜਾਣ ਲੱਗ ਪਿਆ ਹੈ। ਇਸੇ ਤਰਜ 'ਤੇ ਹੀ ਸਿੱਖ ਰਹਿਤ ਮਰਿਆਦਾ ਵੀ ਬਣਾਈ ਗਈ, ਜੋ ਕਿ ਗੁਰੂ ਗ੍ਰੰਥ ਸਾਹਿਬ ਦੇ ਸਿਧਾਂਤਾਂ ਦੇ ਉਲਟ ਜਾਂਦੀ ਹੈ।
ਉਸ ਤੋਂ ਉਪਰੰਤ ਜਦੋਂ ਨਿੱਤਨੇਮ ਦੀ ਘਾੜਤ ਘੜੀ ਗਈ, ਤਾਂ ਉਸ ਵਿੱਚ ਵੀ ਤਿੰਨ ਬਾਣੀਆਂ ਇਸੇ ਦਸਮ ਗ੍ਰੰਥ ਵਿੱਚੋਂ ਸ਼ਾਮਲ ਕੀਤੀਆਂ ਗਈਆਂ। ਇਸ ਦੇ ਨਾਲ ਹੀ ਜੇ ਪ੍ਰਕਾਸ਼ਨ ਦੀ ਗੱਲ ਕਰੀਏ—ਚਾਹੇ ਉਹ ਚਤਰ ਸਿੰਘ ਜੀਵਨ ਸਿੰਘ ਹੋਣ, ਗੁਰਮਤਿ ਪ੍ਰਕਾਸ਼ ਵਾਲੇ ਹੋਣ ਜਾਂ ਸਿੰਘ ਬ੍ਰਦਰਜ਼ ਆਦਿ—ਇਹਨਾਂ ਸਭ ਨੇ ਬਿਨਾਂ ਸੋਚੇ-ਸਮਝੇ ਜੋ ਵੀ ਗੁਟਕੇ ਆਏ, ਛਾਪੀ ਗਏ। ਇਹਨਾਂ ਨੇ ਅਜਿਹੀ ਰਹਿਰਾਸ ਸਾਹਿਬ ਬਣਾ ਦਿੱਤੀ, ਜਿਸ ਵਿੱਚ ਇੱਧਰੋਂ-ਉੱਧਰੋਂ ਅਤੇ ਦਸਮ ਗ੍ਰੰਥ ਵਿੱਚੋਂ ਸ਼ਬਦ ਚੁੱਕ ਕੇ ਇੱਕ ਮਿਲਗੋਭਾ ਜਿਹਾ ਬਣਾ ਦਿੱਤਾ ਗਿਆ। ਇਹਨਾਂ ਨੇ ਆਨੰਦ ਸਾਹਿਬ ਦੇ ਟੁਕੜੇ ਕੀਤੇ ਅਤੇ ਰਾਗਮਾਲਾ ਨੂੰ ਗੁਰੂ ਗ੍ਰੰਥ ਸਾਹਿਬ ਵਿੱਚ ਪਾਇਆ।
ਇਹ ਬਹੁਤ ਕੁਝ ਹੋਇਆ, ਅਤੇ ਇਸ ਦਾ ਕਾਰਨ ਇਹ ਸੀ ਕਿ ਜਦੋਂ ਸਿੱਖ ਇੱਕ ਸਨ, ਤਾਂ ਉਹ ਗੁਰੂ ਗ੍ਰੰਥ ਸਾਹਿਬ ਦੀ ਅਗਵਾਈ ਹੇਠ ਚੱਲਦੇ ਸਨ। ਪਰ ਇਹਨਾਂ ਚਾਲਾਂ ਨੇ ਸਿੱਖਾਂ ਦੇ ਕਈ ਟੁਕੜੇ ਕਰ ਦਿੱਤੇ ਅਤੇ ਕਈ ਇਕਾਈਆਂ ਬਣਾ ਧਰੀਆਂ, ਜਿਸ ਕਾਰਨ ਅੱਜ ਸਿੱਖ ਵੱਖ-ਵੱਖ ਧੜਿਆਂ ਵਿੱਚ ਵੰਡੇ ਹੋਏ ਹਨ ਅਤੇ ਕਿਸੇ ਕੌਮੀ ਆਸ਼ੇ ਵੱਲ ਨਹੀਂ ਵਧ ਸਕ ਰਹੇ। ਜਦਕਿ ਅੱਜ ਲੋੜ ਹੈ ਕਿ ਸਭ ਕੁਝ ਛੱਡ ਕੇ ਕੇਵਲ ਇੱਕ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅਗਵਾਈ ਲਈ ਜਾਵੇ।
2026-09-06 23:51:44